ਸਖ਼ਤੀ ! ਲੁਧਿਆਣਾ ‘ਚ ਤਿੰਨ ਨਾਮੀ ਫਰਮਾਂ ਦੇ ਸ਼ਰਾਬ ਦੇ 40 ਤੋਂ ਜ਼ਿਆਦਾ ਠੇਕੇ ਸੀਲ, ਤਿੰਨ ਦਿਨਾਂ ਬਾਅਦ ਖੁੱਲ੍ਹਣਗੇ
ਲੁਧਿਆਣਾ ’ਚ ਤਿੰਨ ਨਾਮੀ ਫਰਮਾਂ ਦੇ ਸ਼ਰਾਬ ਦੇ ਠੇਕਿਆਂ ਨੂੰ ਆਬਕਾਰੀ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ। ਗੁਪਤ ਸੂਤਰਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਸ਼ਰਾਬ ਦੇ ਠੇਕਿਆਂ ਨੂੰ ਤਿੰਨ ਦਿਨਾਂ ਲਈ ਸੀਲ ਕੀਤਾ ਗਿਆ ਹੈ। ਤਿੰਨ ਦਿਨਾਂ ਬਾਅਦ ਇਹ ਸ਼ਰਾਬ ਦੇ ਠੇਕੇ ਆਬਕਾਰੀ ਵਿਭਾਗ ਦੀ ਇਜਾਜ਼ਤ ’ਤੇ ਹੀ ਖੁੱਲ੍ਹ ਸਕਣਗੇ। ਦੱਸਿਆ ਜਾ ਰਿਹਾ ਕਿ ਵਿਭਾਗ ਵੱਲੋਂ 40 ਤੋਂ ਵੱਧ ਠੇਕਿਆਂ ਨੂੰ ਸੀਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਆਬਕਾਰੀ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਆਬਕਾਰੀ ਵਿਭਾਗ ਦੇ ਇੰਸਪੈਕਟਰਾਂ ਵੱਲੋਂ ਸ਼ਰਾਬ ਦੇ ਠੇਕੇਦਾਰਾਂ ਨੂੰ ਸਮੇਂ-ਸਮੇਂ ਸਿਰ ਜਾਣੂ ਕਰਵਾਇਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਕਈ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਆਬਕਾਰੀ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀਆਂ ਧੱਜੀਆਂ ਉਡਾ ਕੇ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਜਿਸ ਸਬੰਧੀ ਸ਼ਿਕਾਇਤ ਦੇ ਆਧਾਰ ’ਤੇ ਉੱਚ ਅਧਿਕਾਰੀਆਂ ਵੱਲੋਂ ਲਾਪਰਵਾਹੀ ਵਰਤਦੇ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਤਿੰਨ ਫਰਮਾਂ ਦੇ ਠੇਕਿਆਂ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ।
ਮੰਗਲਵਾਰ ਸ਼ਾਮ ਨੂੰ ਆਬਕਾਰੀ ਵਿਭਾਗ ਦੀ ਟੀਮ ਸਹਾਇਕ ਕਮਿਸ਼ਨਰ ਇੰਦਰਜੀਤ ਸਿੰਘ ਨਾਗਪਾਲ ਤੇ ਈਟੀਓ ਹਰਜੋਤ ਸਿੰਘ ਬੇਦੀ ਅਤੇ ਸਬੰਧੀਤ ਇਲਾਕੇ ਦੇ ਇੰਸਪੈਕਟਰਾਂ ਦੀ ਹਾਜ਼ਰੀ ’ਚ ਫਰੈਂਡ ਵਾਈਨ ਬਸੰਤ ਪਾਰਕ, ਚਾਵਲਾ ਵਾਈਨ ਮਲਹਾਰ ਰੋਡ, ਐੱਨਕੇ ਗਰੁੱਪ ਘੁਮਾਰ ਮੰਡੀ ਦੇ ਠੇਕਿਆਂ ਨੂੰ ਤਿੰਨ ਦਿਨਾਂ ਲਈ ਸੀਲ ਕਰ ਦਿੱਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਇੰਦਰਜੀਤ ਸਿੰਘ ਨਾਗਪਾਲ ਦੱਸਿਆ ਕਿ ਉਹ ਇਸ ਸਮੇਂ ਕਾਰਵਾਈ ਸਬੰਧੀ ਟੀਮ ਸਮੇਤ ਮੈਦਾਨ ’ਚ ਹਨ ਅਤੇ ਠੇਕਿਆਂ ਨੂੰ ਸੀਲ ਕਰ ਕੇ ਕਾਰਵਾਈ ਅਰੰਭੀ ਜਾ ਰਹੀ ਹੈ।
ਠੇਕੇ ਸੀਲ ਹੋਣ ਤੋਂ ਬਾਅਦ ਵੀ ਅਹਾਤਿਆਂ ’ਤੇ ਵਿਕੀ ਸ਼ਰਾਬ
ਗੁਪਤ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਫਰਮਾਂ ਦੇ ਠੇਕਿਆਂ ਨੂੰ ਸੀਲ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ ਕੁਝ ਠੇਕਿਆਂ ਦੇ ਕਰਿੰਦਿਆਂ ਵੱਲੋਂ ਆਪਣੇ ਅਹਾਤਿਆਂ ਤੇ ਰੱਖ ਕੇ ਸ਼ਰਾਬ ਦੀ ਵੇਚੀ ਗਈ ਜਿਸ ਤੋਂ ਬਾਅਦ ਇਸਦੀ ਵੀ ਸ਼ਿਕਾਇਤ ਆਬਕਾਰੀ ਵਿਭਾਗ ਕੋਲ ਪਹੁੰਚੀ ਤਾਂ ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਸ਼ਿਕਾਇਤ ਦੀ ਜਾਂਚ ਲਈ ਵੀ ਸੰਬੰਧਿਤ ਇਲਾਕਿਆਂ ਦੇ ਇੰਸਪੈਕਟਰਾਂ ਨੂੰ ਆਦੇਸ਼ ਦਿੱਤੇ।
ਦਵਾਈ ਮਿਲੇ ਨਾ ਮਿਲੇ, ਸ਼ਰਾਬ ਮਿਲਦੀ ਹੈ ਸਾਰੀ ਰਾਤ!
ਗਗਨਦੀਪ ਰਤਨ, ਲੁਧਿਆਣਾ : ਚਾਹੇ ਤੁਹਾਨੂੰ ਸ਼ਹਿਰ ’ਚ 24 ਘੰਟੇ ਦਵਾਈ ਮਿਲੇ ਜਾ ਨਹੀਂ ਪਰ ਸ਼ਰਾਬ 24 ਘੰਟੇ ਮਿਲਦੀ ਹੈ। ਸ਼ਰਾਬ ਦੇ ਠੇਕੇ ਬੰਦ ਹਨ, ਪਰ ਸਿਰਫ ਦਿਖਾਵੇ ਲਈ। ਕਿਉਂਕਿ ਇੱਥੇ ਸਾਰੀ ਰਾਤ ਸ਼ਰਾਬ ਉਪਲਬਧ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਕੁਝ ਠੇਕਿਆਂ ਦੇ ਬਾਹਰ ਖੁੱਲ੍ਹੇਆਮ ਸ਼ਰਾਬ ਪੀ ਰਹੇ ਹਨ, ਪਰ ਕੋਈ ਵੀ ਕਰਮਚਾਰੀ ਉਨ੍ਹਾਂ ਨੂੰ ਨਹੀਂ ਰੋਕਦਾ। ਨਤੀਜੇ ਵਜੋਂ ਸ਼ਰਾਬ ਦੇ ਇਨ੍ਹਾਂ ਠੇਕਿਆਂ ਕਾਰਨ ਹਰ ਰੋਜ਼ ਲੜਾਈ-ਝਗੜੇ ਅਤੇ ਕਤਲਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਬਾਵਜੂਦ ਠੇਕੇ ਬੰਦ ਹੋਣ ਦਾ ਸਮਾਂ ਨਹੀਂ ਹੈ। ਜਾਗਰਣ ਟੀਮ ਨੇ ਦੁਪਹਿਰ 12 ਤੋਂ 2 ਵਜੇ ਤੱਕ ਲੁਧਿਆਣਾ ਦੇ 31 ਕਿਲੋਮੀਟਰ ਦੇ ਘੇਰੇ ਵਿੱਚ 26 ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ, ਜਿਨ੍ਹਾਂ ਵਿੱਚੋਂ 21 ਠੇਕਿਆਂ ਦੇ ਸ਼ਟਰ ਬੰਦ ਸਨ, ਪਰ ਫਿਰ ਵੀ ਚੋਰ ਮੋਰੀਆਂ ਰਾਹੀਂ ਸ਼ਰਾਬ ਵੇਚੀ ਜਾ ਰਹੀ ਸੀ। ਤਿੰਨ ਅਜਿਹੇ ਠੇਕੇ ਸਨ, ਜਿਨ੍ਹਾਂ ’ਤੇ ‘24 ਘੰਟੇ ਓਪਨ’ ਲਿਖਿਆ ਹੋਇਆ ਸੀ। ਲੋਕ ਸੜਕ ’ਤੇ ਖੜ੍ਹੀਆਂ ਇਨ੍ਹਾਂ ਦੁਕਾਨਾਂ ਦੇ ਬਾਹਰ ਸ਼ਰਾਬ ਪੀ ਰਹੇ ਹਨ। ਦੱਸ ਦੇਈਏ ਕਿ ਸ਼ਰਾਬ ਦੀਆਂ ਦੁਕਾਨਾਂ ਬੰਦ ਹੋਣ ਦਾ ਸਮਾਂ ਰਾਤ ਦੇ 12 ਵਜੇ ਹੁੰਦਾ ਹੈ ਪਰ ਅਸਲ ‘ਚ ਇਹ ਸਾਰੀ ਰਾਤ ਚੱਲਦੀਆਂ ਹਨ।